World Food Safety Day 2026


Safe Food, Healthy Lives: World Food Safety Day 2026

Safe Food, Healthy Lives: World Food Safety Day 2026

ਵਿਸ਼ਵ ਭੋਜਨ ਸੁਰੱਖਿਆ ਦਿਵਸ: ਖਾਣਾ ਇਨਸਾਨੀ ਜੀਵਨ ਦਾ ਅਧਾਰ ਹੈ। ਇਹ ਸਾਨੂੰ ਊਰਜਾ ਦਿੰਦਾ ਹੈ, ਸਿਹਤ ਰੱਖਦਾ ਹੈ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਚਲਾਉਂਦਾ ਹੈ। ਪਰ ਜਦੋਂ ਇਹੀ ਖਾਣਾ ਅਸੁਰੱਖਿਅਤ ਹੋ ਜਾਵੇ ਤਾਂ ਇਹ ਬੀਮਾਰੀਆਂ, ਦਰਦ ਅਤੇ ਇਸ ਤੋਂ ਵੀ ਵੱਧ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹਰ ਸਾਲ 7 ਜੂਨ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਭੋਜਨ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਲੋਕਾਂ ਵਿੱਚ ਭੋਜਨ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਭੋਜਨ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਯਤਨ ਕਰਨਾ ਹੈ। 

ਸਾਲ 2026 ਵਿੱਚ ਇਸ ਦਿਨ ਦਾ ਥੀਮ ਹੈ “ ਫਰੋਮ ਬਰਡਨ ਟੂ ਸਲੂਸ਼ਨਸ-ਸੇਫ ਫੂਡ ਐਵਰੀਵੇਅਰ”। ਇਸ ਥੀਮ ਰਾਹੀਂ ਯੂਨਾਈਟਿਡ ਨੇਸ਼ਨਜ਼ ਦੀ ਏਜੰਸੀਆਂ ਵਿਸ਼ਵ ਸਿਹਤ ਸੰਸਥਾ ਅਤੇ ਭੋਜਨ ਅਤੇ ਖੇਤੀਬਾੜੀ ਸੰਸਥਾ ਇਸ ਗੱਲ ਤੇ ਜ਼ੋਰ ਦੇ ਰਹੀਆਂ ਹਨ ਕਿ ਭੋਜਨ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਦੇ ਬੋਝ ਤੋਂ ਹੱਲਾਂ ਵੱਲ ਵਧਣਾ ਚਾਹੀਦਾ ਹੈ। ਇਸ ਥੀਮ ਤਹਿਤ ਡਾਟਾ ਅਤੇ ਵਿਗਿਆਨਕ ਖੋਜਾਂ ਦੀ ਮਦਦ ਨਾਲ ਭੋਜਨ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਨੂੰ ਘਟਾਉਣ ਲਈ ਠੋਸ ਕਦਮ ਉਠਾਉਣ ਤੇ ਚਰਚਾ ਹੋ ਰਹੀ ਹੈ। ਇਸ ਸਾਲ ਇਸ ਦਿਨ ਨੂੰ ਲੈ ਕੇ ਵਿਸ਼ਵ ਭਰ ਵਿੱਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

ਵਿਸ਼ਵ ਭੋਜਨ ਸੁਰੱਖਿਆ ਦਿਵਸ ਦੀ ਸ਼ੁਰੂਆਤ 2018 ਵਿੱਚ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਵੱਲੋਂ ਇੱਕ ਰੈਜ਼ੋਲਿਊਸ਼ਨ ਰਾਹੀਂ ਹੋਈ ਸੀ। ਇਸ ਤੋਂ ਬਾਅਦ 2019 ਤੋਂ ਇਸ ਨੂੰ ਰਸਮੀ ਤੌਰ ਤੇ ਮਨਾਇਆ ਜਾਣ ਲੱਗਾ। ਇਸ ਦਿਨ ਦਾ ਉਦੇਸ਼ ਭੋਜਨ ਸੁਰੱਖਿਆ ਨੂੰ ਇੱਕ ਵਿਸ਼ਵਵਿਆਪੀ ਮੁੱਦਾ ਬਣਾਉਣਾ ਅਤੇ ਇਸ ਵੱਲ ਸਰਕਾਰਾਂ, ਉਦਯੋਗ ਅਤੇ ਆਮ ਲੋਕਾਂ ਦਾ ਧਿਆਨ ਖਿੱਚਣਾ ਹੈ। ਇਸ ਦਿਨ ਰਾਹੀਂ ਲੋਕਾਂ ਨੂੰ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਭੋਜਨ ਸੁਰੱਖਿਆ ਸਿਰਫ਼ ਇੱਕ ਵਿਅਕਤੀਗਤ ਮੁੱਦਾ ਨਹੀਂ ਬਲਕਿ ਇਹ ਆਰਥਿਕਤਾ, ਸਿਹਤ ਅਤੇ ਟਿਕਾਊ ਵਿਕਾਸ ਨਾਲ ਜੁੜਿਆ ਹੋਇਆ ਹੈ। ਦੁਨੀਆ ਭਰ ਵਿੱਚ ਹਰ ਸਾਲ ਲਗਭਗ 60 ਕਰੋੜ ਲੋਕ ਭੋਜਨ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਵਿੱਚੋਂ ਲਗਭਗ 4 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਬੀਮਾਰੀਆਂ ਬਹੁਤੀਆਂ ਵਾਰ ਬੈਕਟੀਰੀਆ, ਵਾਇਰਸ, ਪੈਰਾਸਾਈਟ ਜਾਂ ਰਸਾਇਣਕ ਤੱਤਾਂ ਕਾਰਨ ਹੁੰਦੀਆਂ ਹਨ। ਗਰੀਬ ਤੇ ਘੱਟ ਆਮਦਨ ਵਾਲੇ ਲੋਕ ਅਤੇ ਛੋਟੀ ਉਮਰ ਦੇ ਬੱਚੇ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਇਹ ਬੀਮਾਰੀਆਂ ਨਾ ਸਿਰਫ਼ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਬਲਕਿ ਲੋਕਾਂ ਦੀ ਆਰਥਿਕਤਾ ਅਤੇ ਰੋਜ਼ਗਾਰ ਤੇ ਵੀ ਬੁਰਾ ਅਸਰ ਪਾਉਂਦੀਆਂ ਹਨ। ਇਸ ਲਈ ਭੋਜਨ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ।

ਭਾਰਤ ਵਰਗੇ ਉੱਭਰਦੇ ਦੇਸ਼ ਵਿੱਚ ਭੋਜਨ ਸੁਰੱਖਿਆ ਦੀ ਚੁਣੌਤੀ ਹੋਰ ਵੀ ਵੱਡੀ ਹੈ। ਵਧਦੀ ਆਬਾਦੀ, ਤੇਜ਼ ਉਦਯੋਗੀਕਰਨ ਅਤੇ ਬਦਲਦੀਆਂ ਖਾਣ-ਪੀਣ ਦੀਆਂ ਆਦਤਾਂ ਨੇ ਇਸ ਮੁੱਦੇ ਨੂੰ ਗੰਭੀਰ ਬਣਾ ਦਿੱਤਾ ਹੈ। ਗਲੀ-ਮੋਹੱਲਿਆਂ ਵਿੱਚ ਵਿਕਣ ਵਾਲਾ ਸਟ੍ਰੀਟ ਫੂਡ, ਅਸਾਨੀ ਨਾਲ ਉਪਲਬਧ ਪ੍ਰੋਸੈੱਸਡ ਫੂਡ ਅਤੇ ਖੇਤੀਬਾੜੀ ਵਿੱਚ ਵਰਤੀਆਂ ਜਾਣ ਵਾਲੀਆਂ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਭੋਜਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਇਸ ਤੋਂ ਇਲਾਵਾ ਭੋਜਨ ਸਪਲਾਈ ਚੇਨ ਵਿੱਚ ਸਟੋਰੇਜ ਅਤੇ ਟ੍ਰਾਂਸਪੋਰਟੇਸ਼ਨ ਦੌਰਾਨ ਵੀ ਬਹੁਤੀਆਂ ਵਾਰ ਸੁਰੱਖਿਆ ਦੇ ਮਾਪਦੰਡਾਂ ਦੀ ਅਣਦੇਖੀ ਹੋ ਜਾਂਦੀ ਹੈ। ਇਸ ਲਈ ਭਾਰਤ ਸਰਕਾਰ ਵੱਲੋਂ ਭੋਜਨ ਸੁਰੱਖਿਆ ਅਤੇ ਮਾਨਕ ਅਥਾਰਿਟੀ ਆਫ ਇੰਡੀਆ ਵਰਗੀਆਂ ਸੰਸਥਾਵਾਂ ਰਾਹੀਂ ਬਹੁਤ ਯਤਨ ਕੀਤੇ ਜਾ ਰਹੇ ਹਨ। ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ ਤਹਿਤ ਬਹੁਤ ਸਾਰੀਆਂ ਗਾਈਡਲਾਈਨਜ਼ ਬਣਾਈਆਂ ਗਈਆਂ ਹਨ ਤਾਂ ਜੋ ਭੋਜਨ ਉਤਪਾਦਕ ਤੋਂ ਲੈ ਕੇ ਖਪਤਕਾਰ ਤੱਕ ਹਰ ਪੜਾਅ ਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਭੋਜਨ ਸੁਰੱਖਿਆ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਭੂਮਿਕਾ ਬਹੁਤ ਅਹਿਮ ਹੈ। ਆਧੁਨਿਕ ਟੈਸਟਿੰਗ ਤਕਨੀਕਾਂ, ਬਾਇਓਟੈਕਨਾਲੋਜੀ ਅਤੇ ਡਿਜੀਟਲ ਟ੍ਰੇਸਿੰਗ ਸਿਸਟਮ ਭੋਜਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿੱਚ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਖੇਤੀਬਾੜੀ ਵਿੱਚ ਟਿਕਾਊ ਢੰਗਾਂ ਨੂੰ ਅਪਣਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਵਿਸ਼ਵ ਭੋਜਨ ਸੁਰੱਖਿਆ ਦਿਵਸ ਤੇ ਇਸ ਗੱਲ ਤੇ ਵੀ ਚਰਚਾ ਹੋ ਰਹੀ ਹੈ ਕਿ ਜਲਵਾਯੂ ਤਬਦੀਲੀ ਭੋਜਨ ਸੁਰੱਖਿਆ ਲਈ ਵੱਡੀ ਚੁਣੌਤੀ ਬਣ ਰਹੀ ਹੈ। ਬਦਲਦਾ ਮੌਸਮ ਫਸਲਾਂ ਉਤੇ ਅਸਰ ਪਾ ਰਿਹਾ ਹੈ ਅਤੇ ਨਵੀਆਂ ਬੀਮਾਰੀਆਂ ਪੈਦਾ ਕਰ ਰਿਹਾ ਹੈ। ਇਸ ਲਈ ਵਿਗਿਆਨਕ ਖੋਜਾਂ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਫੀਲਡ ਵਿੱਚ ਲਾਗੂ ਕਰਨ ਦੀ ਲੋੜ ਹੈ। ਭੋਜਨ ਸੁਰੱਖਿਆ ਲਈ ਹਰ ਵਿਅਕਤੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਘਰ ਵਿੱਚ ਖਾਣਾ ਬਣਾਉਂਦੇ ਵੇਲੇ ਹੱਥ ਧੋਣਾ, ਤਾਜ਼ਾ ਖਾਣਾ ਵਰਤਣਾ, ਫਰਿੱਜ ਦੀ ਸਫਾਈ ਰੱਖਣਾ ਅਤੇ ਖਰਾਬ ਖਾਣੇ ਨੂੰ ਸੁੱਟਣ ਵਰਗੀਆਂ ਛੋਟੀਆਂ ਆਦਤਾਂ ਬਹੁਤ ਵੱਡਾ ਫਰਕ ਲਿਆ ਸਕਦੀਆਂ ਹਨ। ਬਾਹਰ ਖਾਣਾ ਖਾਣ ਵੇਲੇ ਵੀ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਣਾ ਸਾਫ਼ ਅਤੇ ਤਾਜ਼ਾ ਹੋਵੇ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਭੋਜਨ ਸੁਰੱਖਿਆ ਬਾਰੇ ਸਿਖਾਉਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਇਸ ਨੂੰ ਆਪਣੀ ਆਦਤ ਬਣਾ ਲੈਣ। ਸਕੂਲਾਂ ਅਤੇ ਕਾਲਜਾਂ ਵਿੱਚ ਵੀ ਇਸ ਬਾਰੇ ਵਰਕਸ਼ਾਪਾਂ ਅਤੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣੇ ਚਾਹੀਦੇ ਹਨ।

ਉਦਯੋਗ ਵੱਲੋਂ ਵੀ ਭੋਜਨ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਫੈਕਟਰੀਆਂ ਵਿੱਚ ਗੁਣਵੱਤਾ ਨਿਯੰਤਰਣ, ਸਟੈਂਡਰਡਜ਼ ਦੀ ਪਾਲਣਾ ਅਤੇ ਟ੍ਰਾਂਸਪੋਰਟੇਸ਼ਨ ਵਿੱਚ ਠੰਡੀ ਚੇਨ ਦੀ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਹੈ। ਸਰਕਾਰਾਂ ਨੂੰ ਵੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਚਾਹੀਦੀ ਹੈ ਅਤੇ ਛੋਟੇ ਉਦਯੋਗਾਂ ਅਤੇ ਖੇਤੀਬਾੜੀ ਉਤਪਾਦਕਾਂ ਨੂੰ ਟ੍ਰੇਨਿੰਗ ਅਤੇ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਵਿਸ਼ਵ ਭੋਜਨ ਸੁਰੱਖਿਆ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਭੋਜਨ ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ। ਇਸ ਨਾਲ ਜੁੜੀਆਂ ਬੀਮਾਰੀਆਂ ਬਹੁਤੀਆਂ ਵਾਰ ਰੋਕੀਆਂ ਜਾ ਸਕਦੀਆਂ ਹਨ। ਇਸ ਲਈ ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਅਤੇ ਭੋਜਨ ਉਤਪਾਦਨ ਤੋਂ ਲੈ ਕੇ ਖਪਤ ਤੱਕ ਹਰ ਪੜਾਅ ਤੇ ਧਿਆਨ ਦੇਣਾ ਪਵੇਗਾ। 

ਇਸ ਦਿਨ ਤੇ ਆਓ ਆਪਣਾ ਵਾਅਦਾ ਕਰੀਏ ਕਿ ਅਸੀਂ ਸੁਰੱਖਿਅਤ ਭੋਜਨ ਲਈ ਯਤਨ ਕਰਾਂਗੇ ਅਤੇ ਆਪਣੇ ਆਲੇ-ਦੁਆਲੇ ਵਿੱਚ ਵੀ ਇਸ ਬਾਰੇ ਜਾਗਰੂਕਤਾ ਫੈਲਾਵਾਂਗੇ। ਜਦੋਂ ਤੱਕ ਹਰ ਇੱਕ ਵਿਅਕਤੀ ਇਸ ਮੁੱਦੇ ਨੂੰ ਆਪਣਾ ਨਹੀਂ ਬਣਾਉਂਦਾ, ਉਦੋਂ ਤੱਕ ਇਸ ਲਕਸ਼ ਨੂੰ ਹਾਸਲ ਕਰਨਾ ਮੁਸ਼ਕਲ ਰਹੇਗਾ। ਇਸ ਲਈ ਇਸ ਵਿਸ਼ਵ ਭੋਜਨ ਸੁਰੱਖਿਆ ਦਿਵਸ ਤੇ ਆਓ ਇੱਕਜੁੱਟ ਹੋ ਕੇ ਇੱਕ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਬਣਾਉਣ ਵੱਲ ਵਧੀਏ। ਭੋਜਨ ਸੁਰੱਖਿਆ ਨਾ ਸਿਰਫ਼ ਸਾਡੀ ਸਿਹਤ ਬਚਾਉਂਦੀ ਹੈ ਬਲਕਿ ਇਹ ਇੱਕ ਬਿਹਤਰ ਸਮਾਜ ਅਤੇ ਟਿਕਾਊ ਭਵਿੱਖ ਦੀ ਨੀਂਹ ਵੀ ਰੱਖਦੀ ਹੈ।

Sandeep Kumar, GSSS Gardala, District Rupnagar
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਏ ਜਰਨਲਿਜ਼ਮ, ਐਮ.ਏ ਮਨੋਵਿਗਿਆਨ
ਕੰਪਿਊਟਰ ਅਧਿਆਪਕ 
ਸ.ਸ.ਸ.ਸ ਗਰਦਲੇ, ਰੂਪਨਗਰ
SUMMER HOLIDAYS HOMEWORK – COMPUTER SCIENCE
SUMMER HOLIDAYS HOMEWORK – COMPUTER SCIENCE
Summer vacation homework download
Summer vacation homework download



Source link

Share this:

Leave a Reply

Your email address will not be published. Required fields are marked *