
ਕੀਰਤਪੁਰ ਸਾਹਿਬ 27 ਜਨਵਰੀ: ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਵਿੱਚ ਪੈਂਦੇ ਬਲਾਕ ਕੀਰਤਪੁਰ ਸਾਹਿਬ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਹੜ੍ਹਾਂ ਦੌਰਾਨ ਪੀੜ੍ਹਤ ਲੋਕਾਂ ਦੀ ਮੱਦਦ ਲਈ ਇੱਕ ਅਨੌਖੀ ਪਹਿਲ ਕੀਤੀ ਗਈ, ਜਿਸਦੀ ਨਾ ਸਿਰਫ਼ ਇਲਾਕਾ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ, ਸਗੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਗਣਤੰਤਰ ਦਿਵਸ ਮੌਕੇ ਟੀਮ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਪੀ.ਐੱਚ.ਸੀ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਰਜੀਤ ਸਿੰਘ ਨੇ ਟੀਮ ਨੂੰ ਸਨਮਾਨ ਮਿਲਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਇੱਕ ਮਹੀਨਾ ਚੱਲੀ ਮੁਹਿੰਮ ਦੌਰਾਨ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਿਸ਼ਤੀ, ਟ੍ਰੈਕਟਰ ਆਦਿ ਦੀ ਮੱਦਦ ਨਾਲ ਮੁਫ਼ਤ ਦਵਾਈਆਂ, ਹੈਲਥ ਕਿੱਟਾਂ ਅਤੇ ਡਾਕਟਰੀ ਸਹਾਇਤਾ ਪਹੁੰਚਾਈ ਗਈ, ਉੱਥੇ ਹੀ ਮਹਾਂਮਾਰੀ ਫ਼ੈਲਣ ਤੋਂ ਰੋਕਣ ਲਈ ਖੜ੍ਹੇ ਪਾਣੀ ਵਾਲੀਆਂ ਥਾਂਵਾਂ ‘ਤੇ ਲਾਰਵੇਸਾਈਡ ਦਵਾਈ ਅਤੇ ਕਾਲੇ ਤੇਲ ਦਾ ਛਿੜਕਾਅ ਕੀਤਾ ਗਿਆ। ਉਹਨਾਂ ਦੱਸਿਆ ਕਿ ਹੜ੍ਹਾਂ ਦੌਰਾਨ ਟੀਮ ਵੱਲੋਂ 700 ਤੋਂ ਵੱਧ ਮੈਡੀਕਲ ਕੈਂਪ ਲਾਏ ਗਏ ਅਤੇ 10 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਅਹਿਮ ਯੋਗਦਾਨ ਰਿਹਾ। ਇਸ ਕਰਕੇ ਉਹਨਾਂ ਦੀ ਟੀਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਸਮਾਗਮ ਵਿਚ ਐੱਸ.ਡੀ.ਐੱਮ ਜਸਪ੍ਰੀਤ ਸਿੰਘ ਅਤੇ ਨੰਗਲ ਵਿਖੇ ਐੱਸ.ਡੀ.ਐੱਮ ਸਚਿਨ ਪਾਠਕ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਬਲਾਕ ਮੈਡੀਕਲ ਅਫ਼ਸਰ ਡਾ.ਜੰਗਜੀਤ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਸਨਮਾਨ ਪਾਉਣ ਵਾਲੀ ਟੀਮ ਵਿਚ ਮੈਡੀਕਲ ਅਫ਼ਸਰ ਡਾ.ਦਿਨੇਸ਼ ਕੁਮਾਰ, ਏ.ਐੱਮ.ਓ ਡਾ. ਨਿਸ਼ਚਲ ਸ਼ਰਮਾ, ਐੱਸ.ਆਈ ਸੁਖਬੀਰ ਸਿੰਘ, ਐੱਲ.ਐੱਚ.ਵੀ ਜਗਮੋਹਨ ਕੌਰ, ਫਾਰਮੇਸੀ ਅਫ਼ਸਰ ਬਲਜੀਤ ਕੌਰ, ਸੀ.ਐੱਚ.ਓ ਗਗਨਦੀਪ ਕੌਰ ਅਤੇ ਅੰਜੂ ਸੈਣੀ, ਏ.ਐੱਨ.ਐੱਮ ਸੰਤੋਸ਼ ਕੌਂਡਲ ਅਤੇ ਮਲਟੀਪਰਪਜ਼ ਹੈਲਥ ਵਰਕਰ ਸੱਜਣ ਕੁਮਾਰ ਸ਼ਾਮਲ ਸਨ।











