ਮਹਿਲਾਵਾਂ ਦੀ ਸਿਹਤ ਵੱਲ ਵੱਡਾ ਕਦਮ: ਡੀਸੀ ਕੰਪਲੈਕਸ ਵਿੱਚ ਏ-ਆਈ ਆਧਾਰਿਤ ਬ੍ਰੈਸਟ ਕੈਂਸਰ ਜਾਂਚ ਕੈਂਪ

Free AI Breast Cancer Screening Camp: DC Rupnagar Varjeet Walia
ਰੂਪਨਗਰ, 20 ਜਨਵਰੀ: ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ “ਐਕਟ ਗਰਾਂਟਸ ਸੰਸਥਾ” ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਆਮ ਆਦਮੀ ਕਲੀਨਿਕ ਵਿਖੇ ਮਹਿਲਾਵਾਂ ਲਈ ਪਹਿਲਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਏ-ਆਈ ਥਰਮਲ ਡਿਵਾਇਸ ਦੁਆਰਾ ਬ੍ਰੈਸਟ ਕੈਂਸਰ ਦੀ ਜਾਂਚ ਕੀਤੀ ਗਈ ਇਸ ਦੇ ਨਾਲ ਹੀ ਮਹਿਲਾਵਾਂ ਦਾ ਸਰਵਾਈਕਲ ਅਤੇ ਓਰਲ ਕੈਂਸਰ ਸਮੇਤ ਸਾਰੇ ਟੈਸਟ ਮੁਫ਼ਤ ਕੀਤੇ ਗਏ। 
ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਮਹਿਲਾਵਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਮਹਿਲਾਵਾਂ ਵਿੱਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀ ਸਮੇਂ-ਸਿਰ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਯਕੀਨੀ ਬਣਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਫ਼ਤ ਮੈਡੀਕਲ ਜਾਂਚ ਦੌਰਾਨ 30 ਸਾਲ ਤੋਂ ਉੱਪਰ ਦੀਆਂ ਮਹਿਲਾਵਾਂ ਲਈ ਏ-ਆਈ ਰਾਹੀਂ ਬ੍ਰੈਸਟ ਕੈਂਸਰ, ਸਰਵਾਈਕਲ ਕੈਂਸਰ ਅਤੇ ਓਰਲ ਕੈਂਸਰ ਸਮੇਤ ਹੋਰ ਲੋੜੀਂਦੇ ਸਾਰੇ ਮੈਡੀਕਲ ਟੈਸਟ ਮੁਫ਼ਤ ਕੀਤੇ ਗਏ ਹਨ। ਜਿਸ ਵਿੱਚ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਜਾਂਚ ਕਰਨ ਉਪਰੰਤ ਜ਼ਰੂਰਤ ਪੈਣ ’ਤੇ ਅਗਲੇ ਇਲਾਜ ਸਬੰਧੀ ਮਾਰਗਦਰਸ਼ਨ ਵੀ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਅਕਸਰ ਮਹਿਲਾਵਾਂ ਨੂੰ ਕੈਂਸਰ ਸੰਬੰਧੀ ਜਾਣਕਾਰੀ ਦੀ ਕਮੀ ਜਾਂ ਵਿੱਤੀ ਕਾਰਨਾਂ ਕਰਕੇ ਆਪਣੀ ਸਿਹਤ ਦੀ ਸਮੇਂ-ਸਿਰ ਜਾਂਚ ਨਹੀਂ ਕਰਵਾ ਪਾਉਂਦੀਆਂ ਜਿਸ ਕਾਰਨ ਬਿਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪਹਿਲ ਕੀਤੀ ਗਈ ਹੈ ਤਾਂ ਜੋ ਮਹਿਲਾਵਾਂ ਬਿਨਾਂ ਕਿਸੇ ਖਰਚੇ ਦੇ ਆਪਣੀ ਸਿਹਤ ਦੀ ਜਾਂਚ ਕਰਵਾ ਸਕਣ।
ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਸਿਹਤਮੰਦ ਮਹਿਲਾ ਹੀ ਸਿਹਤਮੰਦ ਪਰਿਵਾਰ ਅਤੇ ਸਮਾਜ ਦੀ ਨੀਂਹ ਹੁੰਦੀ ਹੈ ਜਿਸ ਲਈ ਉਨ੍ਹਾਂ ਜ਼ਿਲ੍ਹੇ ਦੀਆਂ ਸਾਰੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਿਹਤ ਵਿਭਾਗ ਵੱਲੋਂ ਲਗਾਏ ਜਾਂਦੇ ਇਨ੍ਹਾਂ ਮੁਫ਼ਤ ਕੈਂਪਾਂ ਦਾ ਵੱਧ ਤੋਂ ਵੱਧ ਗਿਣਤੀ ਵਿੱਚ ਲਾਭ ਉਠਾਉਣ ਅਤੇ ਆਪਣੀ ਸਿਹਤ ਨੂੰ ਸੁਰੱਖਿਅਤ ਬਣਾਉਣ। 
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਹਿਲਾਵਾਂ ਲਈ ਭਵਿੱਖ ਵਿੱਚ ਵੀ ਇਸ ਤਰਾਂ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ।
Share this:
Exit mobile version