26 ਨਵੰਬਰ ਭਾਰਤ ਦਾ ਸੰਵਿਧਾਨ ਦਿਵਸ ਲੋਕਤੰਤਰ ਦੀ ਉਹ ਧੜਕਨ ਜੋ ਕਦੇ ਰੁਕੀ ਨਹੀਂBy Muskan / November 25, 2025 ਕਈ ਵਾਰ ਰਾਸ਼ਟਰਾਂ ਦੀਆਂ ਕਹਾਣੀਆਂ ਇਮਾਰਤਾਂ ਜਾਂ ਜੰਗਾਂ ਵਿਚ ਨਹੀਂ ਲਿਖੀਆਂ ਜਾਂਦੀਆਂ, ਉਹ ਲਿਖੀਆਂ ਜਾਂਦੀਆਂ ਹਨ ਇੱਕ ਖ਼ਾਮੋਸ਼ ਦਸਤਾਵੇਜ਼ ਵਿਚ, ਜਿਸਦੇ ਹਰ ਪੰਨੇ ਦੇ ਪਿੱਛੇ ਇਕ ਪੀੜ੍ਹੀ ਦੀ ਤੜਪ, ਇਕ ਯੁੱਗ ਦੀ ਪਿਆਸ ਅਤੇ ਇਕ ਭਵਿੱਖ ਦਾ ਸੁਪਨਾ ਛੁਪਿਆ ਹੋਵੇ। ਭਾਰਤ ਦਾ ਸੰਵਿਧਾਨ…ਸ਼ਾਇਦ ਇਹ ਹੀ ਉਹ ਦਸਤਾਵੇਜ਼ ਹੈ। 26 ਨਵੰਬਰ… ਕੈਲੰਡਰ ਦਾ ਸਿਰਫ਼ ਇੱਕ ਦਿਨ ਨਹੀਂ, ਸਾਡੇ ਰਾਸ਼ਟਰ ਦੀ ਰੂਹ ਦਾ ਉਹ ਅਧਿਆਇ ਹੈ ਜਿਸਨੇ ਭਾਰਤ ਨੂੰ ਸਿਰਫ਼ ਆਜ਼ਾਦ ਨਹੀਂ ਕੀਤਾ, ਸਗੋਂ ਉਸ ਆਜ਼ਾਦੀ ਦੀ ਦਿਸ਼ਾ ਅਤੇ ਮਾਣ ਵੀ ਦਿੱਤਾ। ਇਹ ਉਹ ਦਿਨ ਹੈ ਜਦੋਂ 1949 ਵਿੱਚ ਸਾਡੇ ਸੰਵਿਧਾਨ ਨੂੰ ਅਪਣਾਇਆ ਗਿਆ ਇੱਕ ਐਸਾ ਦਸਤਾਵੇਜ਼, ਜਿਸਨੇ ਕਾਗਜ਼ ਤੇ ਸਿਆਹੀ ਦੀ ਰੇਖਾਵਾਂ ਨੂੰ “ਭਾਰਤ” ਦੇ ਸੁਪਨਿਆਂ ਦੇ ਨਕਸ਼ੇ ਵਿਚ ਬਦਲ ਦਿੱਤਾ। ਭਾਰਤ ਦਾ ਸੰਵਿਧਾਨ ਦਿਵਸ ਲੋਕਤੰਤਰ ਦੀ ਉਹ ਧੜਕਨ ਹੈ ਜੋ ਕਦੇ ਰੁਕੀ ਨਹੀਂ, ਇੱਕ ਸੰਵਿਧਾਨ ਜੋ ਸਿਰਫ਼ ਲਿਖਿਆ ਨਹੀਂ ਗਿਆ, ਸਗੋਂ ਜੀਆ ਗਿਆ ਜਦੋਂ ਡਾ. ਭੀਮਰਾਓ ਅੰਬੇਡਕਰ ਦੀ ਅਗਵਾਈ ਵਿਚ ਸੰਵਿਧਾਨ ਸਭਾ ਨੇ ਇਹ ਬੇਮਿਸਾਲ ਰਚਨਾ ਤਿਆਰ ਕੀਤੀ, ਉਹ 2 ਸਾਲ 11 ਮਹੀਨੇ 18 ਦਿਨ ਦੀ ਮਿਹਨਤ ਨਾਲ ਸਿਰਫ਼ ਕਾਨੂੰਨਾਂ ਦਾ ਗੁੱਛਾ ਨਹੀਂ ਸੀ। ਇਹ ਉਹ ਕਲਮ ਸੀ ਜਿਸਨੇ ਦਬੇ ਕਮਜ਼ੋਰਾਂ ਨੂੰ ਬੋਲਣ ਦਾ ਹੱਕ ਦਿੱਤਾ, ਉਹ ਤਰਾਜੂ ਸੀ ਜਿਸਨੇ ਅਮੀਰ-ਗਰੀਬ, ਧਰਮ-ਜਾਤ ਤੋਂ ਉਪਰ ਉਠ ਕੇ ਸਭ ਨੂੰ ਇੱਕ ਸਮਾਨ ਤੌਰ ’ਤੇ ਤੌਲਿਆ। ਇਹ ਸੰਵਿਧਾਨ ਅਧਿਕਾਰ ਵੀ ਦਿੰਦਾ ਹੈ, ਅਤੇ ਜ਼ਿੰਮੇਵਾਰੀ ਵੀ ਯਾਦ ਕਰਾਉਂਦਾ ਹੈ। ਇਹ ਆਜ਼ਾਦੀ ਵੀ ਬਖ਼ਸ਼ਦਾ ਹੈ, ਅਤੇ ਅਨੁਸ਼ਾਸਨ ਦੀ ਪਗਡੰਡੀ ਵੀ ਦਿਖਾਂਦਾ ਹੈ। ਇਹ ਸਾਨੂੰ ਸਿਰਫ਼ ਨਾਗਰਿਕ ਨਹੀਂ ਬਣਾਉਂਦਾ ਸਗੋਂ ਸਾਨੂੰ ਇੱਕ ਮਜਬੂਤ ਰਾਸ਼ਟਰ ਦੇ ਰਖਵਾਲੇ ਬਣਾਉਂਦਾ ਹੈ। ਸੰਵਿਧਾਨ ਲੋਕਾਂ ਤੋਂ ਬਣਿਆ, ਲੋਕਾਂ ਲਈ ਬਣਿਆ ਅੱਜ ਜਦੋਂ ਅਸੀਂ ਸੰਵਿਧਾਨ ਦਿਵਸ ਮਨਾਂਦੇ ਹਾਂ, ਤਾਂ ਇਹ ਸਿਰਫ਼ ਰਾਸ਼ਟਰੀ ਤਿਉਹਾਰ ਨਹੀਂ; ਇਹ ਉਹ ਵਚਨ ਹੈ ਜੋ ਹਰ ਭਾਰਤੀ ਦੇ ਦਿਲ ਵਿੱਚ ਦੁਬਾਰਾ ਜੱਗਦਾ ਹੈ। ਕਿ ਅਸੀਂ ਸਮਾਨਤਾ ਨੂੰ ਮਾਣਾਂਗੇ ਕਿ ਅਸੀਂ ਨਿਆਂ ਨੂੰ ਉੱਚਾ ਰੱਖਾਂਗੇ ਕਿ ਅਸੀਂ ਕਿਸੇ ਨੂੰ ਧਰਮ, ਜਾਤ, ਭਾਸ਼ਾ ਦੇ ਆਧਾਰ ’ਤੇ ਕਦੇ ਹੇਠਾਂ ਨਹੀਂ ਵੇਖਾਂਗੇ ਸੰਵਿਧਾਨ ਸਾਡੇ ਹੱਥ ਵਿਚ ਇੱਕ ਰੋਸ਼ਨੀ ਦਾ ਦੀਵਾ ਹੈ ਜੋ ਦੱਸਦਾ ਹੈ ਕਿ ਅੰਧਕਾਰ ਕਿੰਨਾ ਵੀ ਡੂੰਘਾ ਹੋ ਜਾਵੇ, ਰੋਸ਼ਨੀ ਦੀ ਚਿੰਗਾਰੀ ਬੁਝਣੀ ਨਹੀਂ। ਅੱਜ ਦੀ ਪੀੜ੍ਹੀ ਲਈ ਇੱਕ ਖ਼ਾਸ ਸੰਦੇਸ਼ ਅੱਜ ਦਾ ਭਾਰਤ ਬਦਲ ਰਿਹਾ ਹੈ। ਖਿਆਲ, ਤਕਨੀਕ, ਵਿਕਾਸ ਦੀ ਗਤੀ, ਸਭ ਕੁਝ ਤੇਜ਼ ਹੈ। ਪਰ ਤੇਜ਼ੀ ’ਚ ਕਦੇ ਕਦੇ ਮੁੱਲ, ਨਿਯਮ ਅਤੇ ਸਵੈ-ਜਵਾਬਦੇਹੀ ਪਿੱਛੇ ਰਹਿ ਜਾਂਦੀ ਹੈ। ਸੰਵਿਧਾਨ ਦਿਵਸ ਸਾਡੇ ਮੋਢੇ ’ਤੇ ਹੌਲੀ-ਹੌਲੀ ਹੱਥ ਰੱਖ ਕੇ ਕਹਿੰਦਾ ਹੈ “ਆਪਣੇ ਅਧਿਕਾਰ ਮਾਣ, ਪਰ ਆਪਣੇ ਫ਼ਰਜ਼ ਕਦੇ ਨਾ ਭੁੱਲ।” ਇੱਕ ਚੰਗਾ ਭਾਰਤੀ ਉਹ ਨਹੀਂ ਜੋ ਸੰਵਿਧਾਨ ਦੇ ਸਿਰਫ਼ ਨਾਮ ਜਾਣਦਾ ਹੈ, ਚੰਗਾ ਭਾਰਤੀ ਉਹ ਹੈ ਜੋ ਸੰਵਿਧਾਨ ਨਾਲ ਜ਼ਿੰਮੇਵਾਰੀ ਵੀ ਨਿਭਾਂਦਾ ਹੈ। ਲੋਕਤੰਤਰ: ਜਿਸਦੀ ਜੜ੍ਹ ਕਿਤਾਬ ਵਿੱਚ ਨਹੀਂ, ਲੋਕਾਂ ਦੇ ਸਾਹ ਵਿੱਚ ਹੈ ਸੰਵਿਧਾਨ ਨੇ ਸਾਨੂੰ ਇੱਕ ਵੱਡੀ ਤਾਕਤ ਦਿੱਤੀ-ਨਾ ਹਥਿਆਰ ਦੀ, ਨਾ ਤਖ਼ਤ ਦੀ,ਸਗੋਂ ਆਵਾਜ਼ ਦੀ।ਇਹ ਆਵਾਜ਼ ਹੀ ਤਾਂ ਲੋਕਤੰਤਰ ਹੈ। ਜਦੋਂ ਇੱਕ ਮਜ਼ਦੂਰ ਆਪਣੀ ਮਜ਼ਦੂਰੀ ਲਈ ਖੜਾ ਹੁੰਦਾ ਹੈ, ਜਦੋਂ ਇੱਕ ਬੱਚੀ ਸਕੂਲ ਜਾਣ ਦਾ ਹੱਕ ਮੰਗਦੀ ਹੈ, ਜਦੋਂ ਇੱਕ ਕਿਸਾਨ ਆਪਣੀ ਜ਼ਮੀਨ ਬਚਾਉਂਦਾ ਹੈ, ਜਦੋਂ ਕੋਈ ਨੌਜਵਾਨ ਭਰਤੀ ਵਿਚ ਨਿਆਂ ਦੀ ਗੁਹਾਰ ਕਰਦਾ ਹੈ,ਉਥੇ ਸੰਵਿਧਾਨ ਸਿਰਫ਼ ਕਿਤਾਬ ਨਹੀਂ ਹੁੰਦਾ, ਉਥੇ ਉਹ ਜਿੰਦਗੀ ਬਣ ਜਾਂਦਾ ਹੈ। ਸੰਵਿਧਾਨ: ਇੱਕ ਬੀਜ ਜਿਸ ਤੋਂ ਰਾਸ਼ਟਰ ਦਾ ਰੁੱਖ ਉਗਿਆ ਕਹਿੰਦੇ ਹਨ ਕਿ ਇਕ ਬੀਜ ਦੇ ਅੰਦਰ ਪੂਰਾ ਜੰਗਲ ਛੁਪਿਆ ਹੁੰਦਾ ਹੈ। ਸਾਡਾ ਸੰਵਿਧਾਨ ਉਹ ਬੀਜ ਸੀ ਜਿਸਨੇ ਲੋਕਤੰਤਰ, ਅਧਿਕਾਰ, ਵਿਭਿੰਨਤਾ, ਸਮਰਸਤਾ, ਨਾਗਰਿਕਤਾ ਵਰਗੇ ਬੇਸ਼ੁਮਾਰ ਰੁੱਖ ਖੜ੍ਹੇ ਕੀਤੇ। ਅੱਜ ਜੇ ਭਾਰਤ ਵਿਭਿੰਨਤਾ ਵਿੱਚ ਏਕਤਾ ਦਾ ਸਭ ਤੋਂ ਵੱਡਾ ਜੀਉਂਦਾ ਉਦਾਹਰਣ ਹੈ,ਤਾਂ ਇਹ ਸਾਡੀ ਸਾਂਝੀ ਜੜ੍ਹ ਸਾਡਾ ਸੰਵਿਧਾਨ ਹੀ ਹੈ ਜੋ ਸਾਨੂੰ ਜੋੜ ਕੇ ਰੱਖਦੀ ਹੈ। ਸੰਵਿਧਾਨ ਦਿਵਸ ਸਾਨੂੰ ਯਾਦ ਕਰਾਉਂਦਾ ਹੈ ਕਿ ਦੇਸ਼ ਦੀ ਤਾਕਤ ਇਮਾਰਤਾਂ, ਸੜਕਾਂ ਜਾਂ ਹਥਿਆਰਾਂ ਵਿਚ ਨਹੀਂ,ਇਹ ਤਾਕਤ ਉਹਨਾਂ ਨਾਗਰਿਕਾਂ ਦੇ ਚਰਨਾਂ ਵਿਚ ਹੈ ਜੋ ਸੱਚਾਈ, ਨਿਆਂ, ਮਰਿਆਦਾ ਅਤੇ ਭਰਾਤਰੀ ਦੀ ਰਾਹ ਚੁਣਦੇ ਹਨ। ਭਾਰਤ ਕਿਸੇ ਸਰਕਾਰ ਦਾ ਨਹੀਂ ਇਹ 140 ਕਰੋੜ ਧੜਕਣਾਂ ਦਾ ਦੇਸ਼ ਹੈ। ਅਤੇ ਹਰ ਧੜਕਣ ਨੂੰ ਲੋਕਤੰਤਰ ਦੀ ਲਹਿਰ ਬਣਾਉਣ ਦਾ ਹੱਕ ਵੀ ਹੈ, ਤੇ ਫ਼ਰਜ਼ ਵੀ। ਆਓ, ਅੱਜ ਅਸੀਂ ਇਹ ਵਚਨ ਲਈਏ ਜਿਸ ਸੰਵਿਧਾਨ ਨੇ ਸਾਨੂੰ ਆਜ਼ਾਦ ਸੋਚ ਦਿੱਤੀ, ਅਸੀਂ ਉਸਦੀ ਰੱਖਿਆ ਆਪਣੇ ਕਰਮ, ਆਪਣੇ ਚਿੱਤ ਅਤੇ ਆਪਣੇ ਚਰਿਤਰ ਨਾਲ ਕਰਾਂਗੇ। ਸਲਾਮ ਹੈ ਭਾਰਤ ਦੇ ਸੰਵਿਧਾਨ ਨੂੰ। ਸਲਾਮ ਹੈ ਇਸਦੇ ਰਚਨਹਾਰਾਂ ਨੂੰ। ਸਲਾਮ ਹੈ ਇਸ ਰੋਸ਼ਨੀ ਨੂੰ। ਅਤੇ ਸਲਾਮ ਹੈ ਹਰ ਉਸ ਭਾਰਤੀ ਨੂੰ ਜਿਹੜਾ ਇਸਨੂੰ ਆਪਣੇ ਜੀਵਨ ਵਿੱਚ ਲਾਗੂ ਕਰਦਾ ਹੈ। ਵਿਵੇਕ ਸ਼ਰਮਾ, ਸਾਇੰਸ ਮਾਸਟਰ, ਸਰਕਾਰੀ ਮਿਡਲ ਸਕੂਲ ਗੱਗੋਂ (ਰੂਪਨਗਰ) Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
ਸੀ-ਪਾਈਟ ਕੈਂਪ ਵਿਖੇ ਨੰਗਲ ਵਿਖੇ ਸਕਿਉਰਟੀ ਗਾਰਡ ਅਤੇ ਸਕਿਉਰਟੀ ਸੁਪਰਵਾਈਜ਼ਰ ਕੋਰਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ Punjabi News / By Neelam
“ਜੈ ਸੰਵਿਧਾਨ, ਜੈ ਭੀਮ, ਜੈ ਭਾਰਤ” ਦੇ ਨਾਅਰੇ ਨਾਲ ਪਿੰਡ ਪੁਰਖਾਲੀ ਵਿੱਚ 77ਵਾਂ ਗਣਤੰਤਰ ਦਿਵਸ ਅਤੇ ਸੰਵਿਧਾਨ ਦਿਵਸ ਮਨਾਇਆ ਗਿਆ Punjabi News / By Neelam
ਹੜ੍ਹਾਂ ਦੌਰਾਨ ਘਰ-ਘਰ ਦਵਾਈਆਂ ਅਤੇ ਡਾਕਟਰੀ ਸਹਾਇਤਾ ਪਹੁੰਚਾਉਣ ਲਈ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਟੀਮ ਦਾ ਵਿਸ਼ੇਸ਼ ਸਨਮਾਨ Punjabi News / By Neelam
ਮਹਿਲਾਵਾਂ ਦੀ ਸਿਹਤ ਵੱਲ ਵੱਡਾ ਕਦਮ: ਡੀਸੀ ਕੰਪਲੈਕਸ ਵਿੱਚ ਏ-ਆਈ ਆਧਾਰਿਤ ਬ੍ਰੈਸਟ ਕੈਂਸਰ ਜਾਂਚ ਕੈਂਪ Punjabi News / By Neelam
ਯੂਕੋ ਬੈਂਕ ਨੂੰਹੋਂ ਸ਼ਾਖਾ ਵੱਲੋਂ 84ਵੇਂ ਫਾਊਂਡੇਸ਼ਨ ਦਿਵਸ ਮੌਕੇ ਸਿਹਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ Punjabi News / By Neelam
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਕੱਢੀ ਗਈ ਪੈਦਲ ਰੈਲੀ Punjabi News / By Neelam