ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਨੂੰ ਪਹਿਲੀ ਵਾਰ ਟਰਾਲੀ ਸਿਟੀ ਅਤੇ ਟੈਂਟ ਸਿਟੀ ਦੀ ਮਿਲੇਗੀ ਸਹੂਲਤ

Tractor Trolley City and Tent City to Be Set Up for Hola Mohalla Devotees: Harjot Singh BainsTractor Trolley City and Tent City to Be Set Up for Hola Mohalla Devotees: Harjot Singh Bains

  • ਪਿੰਡਾਂ ਤੋ ਆਉਣ ਵਾਲੀ ਸੰਗਤ ਵੱਲੋਂ ਤਿਆਰ ਕੀਤੀਆਂ ਟਰਾਲੀਆਂ ਲਈ ਦੋ ਵੱਖ ਵੱਖ ਪਾਰਕਿੰਗਾਂ ਬਣਨਗੀਆਂ ਆਕਰਸ਼ਣ ਦਾ ਕੇਂਦਰ
  • ਅਗਲੇ ਇੱਕ ਸਾਲ ਤੱਕ ਟੈਂਟ ਸਿਟੀ ਵਿੱਚ ਸ਼ਰਧਾਲੂਆਂ ਨੂੰ ਠਹਿਰਣ ਦੀ ਮੁਫਤ ਸਹੂਲਤ ਹੋਵੇਗੀ ਉਪਲੱਬਧ
ਸ੍ਰੀ ਅਨੰਦਪੁਰ ਸਾਹਿਬ 19 ਫਰਵਰੀ: ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਹੋਲਾ ਮਹੱਲਾ ਦੇ ਪਾਵਨ ਅਵਸਰ ‘ਤੇ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਵਿਲੱਖਣ ਸਹੂਲਤਾਂ ਦੇਣ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਪਹਿਲੀ ਵਾਰ “ਟਰਾਲੀ ਸਿਟੀ” ਅਤੇ “ਟੈਂਟ ਸਿਟੀ” ਦੀ ਵਿਵਸਥਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਦੌਰਾਨ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ, ਜਿਸ ਕਾਰਨ ਰਹਿਣ-ਸਹਿਣ ਅਤੇ ਵਾਹਨਾਂ ਦੀ ਪਾਰਕਿੰਗ ਵੱਡੀ ਚੁਣੌਤੀ ਬਣ ਜਾਂਦੀ ਹੈ। ਇਸ ਸਮੱਸਿਆ ਦੇ ਹੱਲ ਵਜੋਂ ਦੋ ਵੱਖ-ਵੱਖ ਥਾਵਾਂ ‘ਤੇ ਟਰਾਲੀ ਸਿਟੀ ਸਥਾਪਿਤ ਕੀਤੀ ਜਾ ਰਹੀ ਹੈ। ਲਗਭਗ ਸਾਢੇ ਪੰਜ ਏਕੜ ਰਕਬੇ ਵਿੱਚ ਝਿੰਜੜੀ ਅਤੇ ਚਰਨ ਗੰਗਾ ਖੱਡ ਵਾਲੇ ਖੇਤਰ ਨੂੰ ਟਰਾਲੀ ਸਿਟੀ ਲਈ ਨਿਰਧਾਰਤ ਕੀਤਾ ਗਿਆ ਹੈ, ਜਿੱਥੇ ਪਿੰਡਾਂ ਤੋਂ ਆਪਣੀਆਂ ਟਰਾਲੀਆਂ ‘ਚ ਆਉਣ ਵਾਲੀਆਂ ਸੰਗਤਾਂ ਨੂੰ ਸੁਚੱਜੀ ਪਾਰਕਿੰਗ ਮਿਲੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 8 ਏਕੜ ਰਕਬੇ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਤਿਆਰ ਕੀਤੀ ਜਾ ਰਹੀ ਹੈ, ਜਿੱਥੇ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਨੂੰ ਠਹਿਰਣ ਦੀ ਮੁਫ਼ਤ ਸਹੂਲਤ ਉਪਲੱਬਧ ਹੋਵੇਗੀ। ਖਾਸ ਗੱਲ ਇਹ ਹੈ ਕਿ ਇਹ ਟੈਂਟ ਸਿਟੀ ਕੇਵਲ ਤਿਉਹਾਰ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਅਗਲੇ ਇੱਕ ਸਾਲ ਤੱਕ ਸਥਾਈ ਤੌਰ ‘ਤੇ ਕਾਇਮ ਰਹੇਗੀ, ਤਾਂ ਜੋ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਗੁਰੂ ਨਗਰੀ ਵਿੱਚ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਠਹਿਰਣ ਵਿੱਚ ਕੋਈ ਮੁਸ਼ਕਿਲ ਨਾ ਆਵੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਸੰਗਤਾਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਸੁਵਿਧਾਜਨਕ ਮਾਹੌਲ ਪ੍ਰਦਾਨ ਕਰਨਾ ਹੈ। ਇਸ ਲਈ ਟੈਂਟ ਸਿਟੀ ਵਿੱਚ ਪੀਣ ਵਾਲਾ ਸਾਫ਼ ਪਾਣੀ, ਸਫ਼ਾਈ ਪ੍ਰਬੰਧ, ਰੌਸ਼ਨੀ ਅਤੇ ਸੁਰੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਸਥਾਨਕ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹੋਲਾ ਮਹੱਲਾ ਦੌਰਾਨ ਟ੍ਰੈਫ਼ਿਕ ਪ੍ਰਬੰਧਨ ਅਤੇ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਇਸ ਨਿਵੇਕਲੇ ਉਪਰਾਲੇ ਨਾਲ ਨਾ ਕੇਵਲ ਸ਼ਰਧਾਲੂਆਂ ਨੂੰ ਸੁਵਿਧਾ ਮਿਲੇਗੀ, ਸਗੋਂ ਗੁਰੂ ਨਗਰੀ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਵੀ ਨਵਾਂ ਉਤਸ਼ਾਹ ਮਿਲੇਗਾ।
Share this:
Scroll to Top