New Year 2026: Sukhmani Sahib Path Held at Civil Surgeon Office, Rupnagar
ਰੂਪਨਗਰ, 01 ਜਨਵਰੀ: ਨਵੇਂ ਸਾਲ 2026 ਦੀ ਆਮਦ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨੂੰ ਮੁੱਖ ਰੱਖਦਿਆਂ ਅੱਜ ਸਿਵਲ ਸਰਜਨ ਦਫ਼ਤਰ ਰੂਪਨਗਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਧਾਰਮਿਕ ਸਮਾਗਮ ਵਿੱਚ ਸਿਵਲ ਸਰਜਨ ਡਾ. ਨਵਰੂਪ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਪਾਠ ਦੇ ਭੋਗ ਉਪਰੰਤ ਸਮੂਹ ਮਾਨਵਤਾ ਦੀ ਤੰਦਰੁਸਤੀ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਹਾਜ਼ਰ ਸਟਾਫ਼ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵਾਂ ਸਾਲ ਸਾਡੇ ਲਈ ਨਵੀਆਂ ਉਮੀਦਾਂ ਅਤੇ ਨਵੇਂ ਸੰਕਲਪ ਲੈ ਕੇ ਆਉਂਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਮਕਸਦ ਲੋਕਾਂ ਨੂੰ ਮਿਆਰੀ ਅਤੇ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਸਾਲ 2026 ਵਿੱਚ ਸਾਡਾ ਟੀਚਾ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡਾਂ ਤੱਕ ਸਿਹਤ ਸੇਵਾਵਾਂ ਨੂੰ ਹੋਰ ਸੁਚਾਰੂ ਢੰਗ ਨਾਲ ਪਹੁੰਚਾਉਣਾ ਹੈ।
ਡਾ. ਨਵਰੂਪ ਕੌਰ ਨੇ ਸਟਾਫ਼ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਆਉਣ ਵਾਲੇ ਹਰ ਮਰੀਜ਼ ਨਾਲ ਹਮਦਰਦੀ ਭਰਿਆ ਵਤੀਰਾ ਅਪਣਾਇਆ ਜਾਵੇ। ਉਨ੍ਹਾਂ ਕਿਹਾ ਕਿ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ਼ ਦਾ ਮਿੱਠਾ ਬੋਲ ਮਰੀਜ਼ ਦੀ ਅੱਧੀ ਬਿਮਾਰੀ ਦੂਰ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ, ਜਿਵੇਂ ਕਿ ਮੁਫ਼ਤ ਦਵਾਈਆਂ ਅਤੇ ਟੈਸਟਾਂ ਦੀ ਸਹੂਲਤ, ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਕੋਈ ਵੀ ਲੋੜਵੰਦ ਇਲਾਜ ਤੋਂ ਵਾਂਝਾ ਨਾ ਰਹੇ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਾਲ ਸਿਹਤ ਵਿਭਾਗ ਵੱਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਮਾਂ-ਬੱਚਾ ਸਿਹਤ ਸੇਵਾਵਾਂ ਵਿੱਚ ਰੋਪੜ ਜ਼ਿਲ੍ਹੇ ਨੂੰ ਮੋਹਰੀ ਰੱਖਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।ਉਨ੍ਹਾਂ ਹਸਪਤਾਲਾਂ ਦੇ ਅੰਦਰ ਸਾਫ਼-ਸਫ਼ਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਵਚਨਬੱਧਤਾ ਵੀ ਦੁਹਰਾਈ।
ਸਿਵਲ ਸਰਜਨ ਵੱਲੋਂ ਦਫ਼ਤਰ ਦੇ ਮਿਹਨਤੀ ਕਰਮਚਾਰੀਆਂ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਸਾਰਿਆਂ ਨੂੰ ਨਵੇਂ ਸਾਲ ਵਿੱਚ ਪੂਰੀ ਲਗਨ ਨਾਲ ਡਿਊਟੀ ਨਿਭਾਉਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਵੱਖ-ਵੱਖ ਪ੍ਰੋਗਰਾਮ ਅਫ਼ਸਰ, ਸੀਨੀਅਰ ਮੈਡੀਕਲ ਅਫ਼ਸਰ, ਡਾਕਟਰ ਅਤੇ ਦਫ਼ਤਰੀ ਸਟਾਫ਼ ਵੱਡੀ ਗਿਣਤੀ ਵਿੱਚ ਹਾਜ਼ਰ ਸੀ।
Stay updated with the latest stories only on Time of Punjab —
[Punjabi News] | [English News] | [Hindi News] | More News Here »












