ਹੋਲਾ ਮਹੱਲਾ ਤੋ ਪਹਿਲਾ ਮੀਢਵਾ ਪੁਲ ਤੋਂ ਕੋਟਲਾ ਪੁੱਲ ਤੱਕ ਪਰੂਨਿੰਗ ਤੇ ਸਫ਼ਾਈ ਮੁਹਿੰਮ ਲਗਾਤਾਰ ਜਾਰੀ

 

ਸ੍ਰੀ ਅਨੰਦਪੁਰ ਸਾਹਿਬ 19 ਫਰਵਰੀ: ਅਦਿੱਤਿਆ ਡੇਚਲਵਾਲ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਹੇਠ ਹੋਲੇ ਮਹੱਲੇ ਤੋਂ ਪਹਿਲਾਂ ਸ਼ਹਿਰ ਦੇ ਮੁੱਖ ਆਵਾਜਾਈ ਮਾਰਗਾਂ ਅਤੇ ਪੁਲਾਂ ਦੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਝਿੰਜੜੀ ਪੁਲ ’ਤੋਂ ਗੰਦਗੀ ਨੂੰ ਹਟਾਉਣ, ਨਿਕਾਸੀ ਪ੍ਰਬੰਧ ਸੁਚੱਜੇ ਬਣਾਉਣ ਅਤੇ ਆਵਾਜਾਈ ਨੂੰ ਸੁਚਾਰੂ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸਫ਼ਾਈ ਕਰਮਚਾਰੀਆਂ ਵੱਲੋਂ ਮਸ਼ੀਨਾਂ ਦੀ ਮੱਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ ਤਾਂ ਜੋ ਹੋਲਾ ਮਹੱਲਾ ਦੌਰਾਨ ਸੰਗਤਾਂ ਅਤੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਆਵੇ।
ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਫ਼ਾਈ ਦੇ ਨਾਲ-ਨਾਲ ਸੁਰੱਖਿਆ ਉਪਾਇਆਂ ’ਤੇ ਵੀ ਖ਼ਾਸ ਧਿਆਨ ਦਿੱਤਾ ਜਾਵੇ। ਹੋਲੇ ਮਹੱਲੇ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਹਿਰ ਵਿੱਚ ਆਉਂਦੀਆਂ ਹਨ, ਇਸ ਲਈ ਸੜਕਾਂ, ਪੁਲਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਫ਼ਾਈ ਪ੍ਰਸ਼ਾਸਨ ਦੀ ਪ੍ਰਾਥਮਿਕਤਾ ਹੈ। ਸਥਾਨਕ ਨਿਵਾਸੀਆਂ ਨੇ ਵੀ ਪ੍ਰਸ਼ਾਸਨ ਦੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮੁਹਿੰਮ ਦੇ ਦੂਜੇ ਪੜਾਅ ਵਿੱਚ ਮੀਢਵਾ ਪੁਲ ਤੋਂ ਕੋਟਲਾ ਪੁਲ ਤੱਕ ਸੜਕ ਦੇ ਦੋਵਾਂ ਪਾਸਿਆਂ ਉੱਗੀ ਬੇਲੋੜੀ ਝਾੜੀ ਦੀ ਪਰੂਨਿੰਗ ਅਤੇ ਵਿਆਪਕ ਸਫ਼ਾਈ ਕਰਵਾਈ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਦ੍ਰਿਸ਼ਟੀ ਸੁੰਦਰਤਾ ਵਿੱਚ ਸੁਧਾਰ ਆਇਆ ਹੈ, ਸਗੋਂ ਰਾਤ ਦੇ ਸਮੇਂ ਦਿੱਖ ਵੀ ਬਿਹਤਰ ਹੋਈ ਹੈ। ਪ੍ਰਸ਼ਾਸਨ ਅਨੁਸਾਰ ਇਹ ਇਲਾਕਾ ਹੋਲਾ ਮਹੱਲਾ ਦੌਰਾਨ ਵੱਧ ਭੀੜ ਵਾਲਾ ਹੁੰਦਾ ਹੈ, ਇਸ ਲਈ ਪੈਦਲ ਯਾਤਰੀਆਂ ਅਤੇ ਵਾਹਨਾਂ ਦੀ ਸੁਰੱਖਿਆ ਲਈ ਰੁਕਾਵਟਾਂ ਦੂਰ ਕਰਨਾ ਲਾਜ਼ਮੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸਫ਼ਾਈ ਕਾਰਵਾਈ ਨਾਲ ਨਾਲ ਡਰੇਨ ਦੀ ਸਫ਼ਾਈ, ਲਾਈਟਾਂ ਦੀ ਮੁਰੰਮਤ ਅਤੇ ਟ੍ਰੈਫ਼ਿਕ ਸੰਕੇਤਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਅਪੀਲ ਕੀਤੀ ਕਿ ਲੋਕ ਸਫ਼ਾਈ ਬਣਾਈ ਰੱਖਣ ਵਿੱਚ ਸਹਿਯੋਗ ਕਰਨ ਅਤੇ ਕੂੜਾ-ਕਰਕਟ ਨਿਰਧਾਰਤ ਥਾਵਾਂ ’ਤੇ ਹੀ ਸੁੱਟਣ।

Share this:

Leave a Reply

Your email address will not be published. Required fields are marked *

Exit mobile version