ਕੀਰਤਪੁਰ ਸਾਹਿਬ ‘ਚ ਡੇਂਗੂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਤੇਜ਼

ਕੀਰਤਪੁਰ ਸਾਹਿਬ ‘ਚ ਡੇਂਗੂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਤੇਜ਼

ਕੀਰਤਪੁਰ ਸਾਹਿਬ 15 ਜੂਨ: ਸਿਵਲ ਸਰਜਨ ਰੂਪਨਗਰ ਡਾ. ਰਮਨ ਕੁਮਾਰ ਗੁਪਤਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਸੁਰਜੀਤ ਸਿੰਘ ਦੀ ਅਗਵਾਈ ਹੇਠ ਪੀਐਚਸੀ ਕੀਰਤਪੁਰ ਸਾਹਿਬ ਅਧੀਨ ਆਉਂਦੀਆਂ ਵੱਖ-ਵੱਖ ਥਾਵਾਂ ‘ਤੇ ਡੇਂਗੂ ਜਾਗਰੂਕਤਾ ਲਈ ਵਿਸ਼ੇਸ਼ ਸਰਵੇ ਕਰਵਾਇਆ ਗਿਆ। ਇਸ ਮੁਹਿੰਮ ਦਾ ਮਕਸਦ ਮੌਸਮੀ ਬਿਮਾਰੀਆਂ, ਖ਼ਾਸ ਕਰਕੇ ਡੇਂਗੂ ਤੋਂ ਲੋਕਾਂ ਨੂੰ ਸਚੇਤ ਕਰਨਾ ਅਤੇ ਸਮੇਂ ਸਿਰ ਬਚਾਅ ਲਈ ਪ੍ਰੇਰਿਤ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਆਈ. ਸੁਖਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਖੇਤਰਾਂ ਵਿੱਚ ਫੀਲਡ ਟੀਮਾਂ ਵੱਲੋਂ ਸਰਵੇ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰ ਰਹੀਆਂ ਹਨ।
ਸਰਵੇ ਦੌਰਾਨ ਟੀਮਾਂ ਨੇ ਦਾਣਾ ਮੰਡੀ ਅਤੇ ਬੰਗਾਲਾ ਬਸਤੀ ਸਮੇਤ ਕਈ ਇਲਾਕਿਆਂ ਦਾ ਦੌਰਾ ਕੀਤਾ। ਬਲਵੰਤ ਰਾਏ, ਸੁਖਬੀਰ ਸਿੰਘ ਅਤੇ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਲੋਕਾਂ ਨੂੰ ਸਮਝਾਇਆ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਬੇਕਾਰ ਪਏ ਬਰਤਨਾਂ ਵਿੱਚ ਪਾਣੀ ਇਕੱਠਾ ਨਾ ਰਹਿਣ ਦਿੱਤਾ ਜਾਵੇ।
ਅਧਿਕਾਰੀਆਂ ਨੇ ਦੱਸਿਆ ਕਿ ਕੂਲਰਾਂ ਨੂੰ ਹਰ ਹਫ਼ਤੇ ਸੁਕਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਡੇਂਗੂ ਦੇ ਲਾਰਵਾ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਡੇਂਗੂ ਫੈਲਾਉਣ ਵਾਲੇ ਮੱਛਰ ਸਵੇਰੇ ਅਤੇ ਸ਼ਾਮ ਵੇਲੇ ਜ਼ਿਆਦਾ ਕਟਦੇ ਹਨ, ਇਸ ਲਈ ਸਾਵਧਾਨੀਆਂ ਅਪਣਾਉਣਾ ਹੀ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਮੁਹਿੰਮ ਵਿੱਚ ਕੁਲਵਿੰਦਰ ਸਿੰਘ, ਵਰਿੰਦਰ ਸਿੰਘ, ਸੰਜੀਵ ਕੁਮਾਰ ਅਤੇ ਰਵਿੰਦਰ ਸਿੰਘ ਸਮੇਤ ਹੋਰ ਮੈਂਬਰ ਵੀ ਸ਼ਾਮਲ ਸਨ।

Share this:
Exit mobile version