ASHA Workers Play a Vital Role as a Bridge Between Health Department and Community: Dr Anjali Chaudhary
ਰੂਪਨਗਰ, 29 ਜਨਵਰੀ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਦੀਆਂ ਹਦਾਇਤਾਂ ਅਨੁਸਾਰ ਆਸ਼ਾ ਫੈਸਲੀਟੇਟਰਾਂ ਦੀ ਵਿਸ਼ੇਸ਼ ਰਿਵਿਊ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅੰਜਲੀ ਚੌਧਰੀ ਨੇ ਕੀਤੀ ਜਿਸ ਵਿੱਚ ਜ਼ਿਲ੍ਹੇ ਦੀਆਂ ਸਮੂਹ ਆਸ਼ਾ ਫੈਸੀਲੀਟੇਟਰਾਂ ਨੇ ਭਾਗ ਲਿਆ।
ਇਸ ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਮਾਤਰੀ ਅਤੇ ਬਾਲ ਸਿਹਤ ਸੇਵਾਵਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣਾ ਅਤੇ ਆਸ਼ਾ ਵਰਕਰਾਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣਾ ਸੀ।
ਮੀਟਿੰਗ ਦੌਰਾਨ ਫੈਸੀਲੀਟੇਟਰਾਂ ਨੂੰ ਸੰਬੋਧਨ ਕਰਦਿਆਂ ਡਾ. ਅੰਜਲੀ ਚੌਧਰੀ ਨੇ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਅਤੇ ਆਮ ਜਨਤਾ ਦੇ ਵਿਚਕਾਰ ਇੱਕ ਮਜ਼ਬੂਤ ਕੜੀ ਹਨ। ਜੇਕਰ ਫੈਸੀਲੀਟੇਟਰ ਆਪਣੀ ਨਿਗਰਾਨੀ ਹੇਠ ਆਸ਼ਾ ਵਰਕਰਾਂ ਤੋਂ ਪੂਰੀ ਤਨਦੇਹੀ ਨਾਲ ਕੰਮ ਲੈਣਗੇ ਤਾਂ ਅਸੀਂ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਦੇ ਟੀਚਿਆਂ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ।
ਮੀਟਿੰਗ ਦੌਰਾਨ ਆਸ਼ਾ ਫੈਸੀਲੀਟੇਟਰਾਂ ਨੂੰ ਹਦਾਇਤ ਕੀਤੀ ਕਿ ਹਰੇਕ ਗਰਭਵਤੀ ਮਹਿਲਾ ਦੀ 12 ਹਫ਼ਤਿਆਂ ਦੇ ਅੰਦਰ-ਅੰਦਰ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ ਤਾਂ ਜੋ ਸਮੇਂ ਸਿਰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਉਹ ਪਿੰਡਾਂ ਵਿੱਚ ਮਹਿਲਾਵਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਜਣੇਪਾ ਕਰਵਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਮਾਤਰੀ ਮੌਤ ਦਰ ਨੂੰ ਘਟਾਇਆ ਜਾ ਸਕੇ। ਬੱਚਿਆਂ ਦੇ ਸੰਪੂਰਨ ਟੀਕਾਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਡਾ. ਅੰਜਲੀ ਚੌਧਰੀ ਨੇ ਆਸ਼ਾ ਵਰਕਰਾਂ ਦੁਆਰਾ ਤਿਆਰ ਕੀਤੇ ਜਾਂਦੇ ਰਿਕਾਰਡ ਅਤੇ ਡਾਟਾ ਐਂਟਰੀ ਨੂੰ ਸਹੀ ਅਤੇ ਅਪ-ਟੂ-ਡੇਟ ਰੱਖਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਪਰਿਵਾਰ ਨਿਯੋਜਨ ਦੇ ਸਾਧਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਸ਼ਾ ਵਰਕਰਾਂ ਦੀ ਭੂਮਿਕਾ ਨੂੰ ਅਹਿਮ ਦੱਸਿਆ।
ਮੀਟਿੰਗ ਦੇ ਅੰਤ ਵਿੱਚ ਡਾ. ਅੰਜਲੀ ਚੌਧਰੀ ਨੇ ਚਿਤਾਵਨੀ ਦਿੱਤੀ ਕਿ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਫੈਸੀਲੀਟੇਟਰਾਂ ਨੂੰ ਫੀਲਡ ਵਿੱਚ ਜਾ ਕੇ ਆਸ਼ਾ ਵਰਕਰਾਂ ਦੇ ਕੰਮ ਦੀ ਨਿੱਜੀ ਤੌਰ ‘ਤੇ ਚੈਕਿੰਗ ਕਰਨ ਲਈ ਵੀ ਕਿਹਾ।
ਇਸ ਮੌਕੇ ਰਵਿੰਦਰ ਸਿੰਘ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਸੁਖਜੀਤ ਕੁਮਾਰ ਜਿਲਾ ਬੀਸੀਸੀ ਲਖਵੀਰ ਸਿੰਘ ਜ਼ਿਲ੍ਹਾ ਮੌਨਟਰਿੰਗ ਐਂਡ ਇਵੈਲੂਏਸ਼ਨ ਆਫੀਸਰ ਕਿਰਨਜੀਤ ਕੌਰ ਆਸ਼ਾ ਕੋਆਰਡੀਨੇਟਰ ਅਤੇ ਗੁਰਵਿੰਦਰ ਸਿੰਘ ਹਾਜ਼ਰ ਸਨ।
Stay updated with the latest stories only on Time of Punjab —
[Punjabi News] | [English News] | [Hindi News] | More News Here »
